ਇਹ ਕਾਲਜ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਨਾਮ ਤੇ ਸਥਾਪਿਤ ਕੀਤਾ ਗਿਆ ਹੈ।ਜਿਨ੍ਹਾਂ ਦਾ ਜਨਮ ਸੁਨਾਮ ਦੇ ਨੇੜਲੇ ਪਿੰਡ ਕੈਂਬੋਵਾਲ ਵਿਖੇ 24 ਮਾਘ 1721 ਬਿ. ਸੰਮਤ ਨੂੰ ਪਿਤਾ ਚੌਧਰੀ ਕਾਲਾ ਸਿੰਘ ਦੁੱਲਟ ਅਤੇ ਮਾਤਾ ਦਇਆ ਕੌਰ ਦੇ ਘਰ ਹੋਇਆ । ਚੌਧਰੀ ਕਾਲਾ ਸਿੰਘ ਦੇ ਦੋ ਪੁੱਤਰ ਨਗਾਹੀਆ ਤੇ ਮਨੀਆ ਹੋਏ । ਮਨੀਏ ਨੇ ਵਿਆਹ ਨਹੀਂ ਕਰਵਾਇਆ ਤੇ ਕੰਵਾਰਾ ਰਿਹਾ । ਜਦੋਂ ਨੌਵੇਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਮਾਲਵਾ ਫੇਰੀ ਸਮੇਂ 1665 ਈ. ਵਿੱਚ ਪਰਿਵਾਰ ਸਮੇਤ ਪਿੰਡ ਅਕੋਈ ਸਾਹਿਬ ਆਏ, ਭਾਈ ਜੀ ਦੇ ਅਕੋਈ ਸਾਹਿਬ ਨਾਨਕੇ ਹੋਣ ਕਰਕੇ ਗੁਰੂ ਸਾਹਿਬ ਜੀ ਦੇ ਇੱਥੇ ਪਹੁੰਚਣ ਤੇ ਭਾਈ ਮਨੀਏ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ । 1699 ਈ. ਨੂੰ ਵਿਸਾਖੀ ਵਾਲੇ ਦਿਨ ਆਪ ਜੀ ਅੰਮ੍ਰਿਤ ਛਕਕੇ ਭਾਈ ਮਨੀਏ ਤੋਂ ਭਾਈ ਮਨੀ ਸਿੰਘ ਬਣ ਗਏ । ਭਾਈ ਜੀ ਗੁਰੂ ਸਾਹਿਬ ਦੇ 52 ਕਵੀਆਂ ਵਿੱਚੋਂ ਅਹਿਮ ਸਥਾਨ ਰੱਖਦੇ ਸੀ। ਆਪ ਨੇ ਅਗਸਤ 1704 ਈ. ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਵੱਜੋਂ ਸੇਵਾ ਕੀਤੀ। 1721 ਈ. ਵਿੱਚ ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਸੱਚ ਖੰਡ ਸ੍ਰੀ ਹਰਮਿੰਦਰ ਸਾਹਬਿ ਅਮ੍ਰਿੰਤਸਰ ਦੇ ਮੁੱਖ ਗ੍ਰੰਥੀ ਦੇ ਤੌਰ ਤੇ ਸੇਵਾ ਕਰਨ ਲਈ ਨਿਯੁਕਤ ਕੀਤਾ। ਆਪਣੀ ਲਿਆਕਤ ਨਾਲ ਆਪ ਜੀ ਨੇ ਸਮੂਹ ਸਿੱਖ ਸ਼ਰਧਾਲੂਆਂ ਨੂੰ ਧਰਮ ਨਾਲ ਜੋੜਿਆ ਅਤੇ ਆਪ ਹਰਮਨ ਪਿਆਰੇ ਗ੍ਰੰਥੀ ਦੇ ਰੂਪ ਵਿੱਚ ਉੱਭਰੇ, ਸਿੱਖਾਂ ਨਾਲ਼ ਸਲਾਹ ਮਸ਼ਵਰਾ ਕਰਕੇ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਸੂਬਾ ਲਾਹੌਰ ਜਕਰੀਆ ਖਾਂ ਤੋਂ ਮਨਜ਼ੂਰੀ ਲੈਣ ਦਾ ਫ਼ੈਸਲਾ ਕੀਤਾ ।
ਸੰਨ 1738 ਈ. ਦੀ ਦੀਵਾਲੀ ਮਨਾਉਣ ਤੇ 10 ਦਿਨ ਮੇਲਾ ਲਾਉਣ ਲਈ ਮਨਜ਼ੂਰੀ ਇਸ ਸ਼ਰਤ ਤੇ ਮਿਲੀ ਕਿ ਦੀਵਾਲੀ ਦੀ ਆਮਦਨ ( ਚੜ੍ਹਾਵਾਂ) ਵਿੱਚੋਂ ਸਰਕਾਰ ਨੂੰ 5000/ ਰੁਪਏ ਦੇਣੇ ਪੈਣਗੇ। ਪਰ ਲਾਹੌਰ ਦੇ ਨਵਾਬ ਜਕਰੀਆ ਖਾਂ ਨੂੰ ਕੁਝ ਸਿੱਖ ਵਿਰੋਧੀ ਮੁਸਲਮਾਨਾਂ, ਕਾਜੀ ਤੇ ਕੁਝ ਹਿੰਦੂ, ਲਖਪਤ ਰਾਏ ਜਿਹੇ ਅਕ੍ਰਤਿਘਾਣੀਆਂ ਨੇ ਚੁੱਕ ਦਿੱਤੀ ਕਿ ਦੀਵਾਲੀ ਮੌਕੇ ਵੱਧ ਤੋਂ ਵੱਧ ਸਿੱਖਾਂ ਦੇ ਇੱਕਠ ਦਾ ਫ਼ਾਇਦਾ ਉਠਾਇਆ ਜਾਵੇ ਤੇ ਸਾਰੇ ਹੀ ਸਿੱਖਾਂ ਨੂੰ ਮਾਰਕੇ ਢਿਹ ਢੇਰੀ ਕਰ ਦਿੱਤਾ ਜਾਵੇ । ਇਸ ਸਾਰੀ ਸ਼ਰਾਰਤ ਦਾ ਭੇਦ ਭਾਈ ਮਨੀ ਸਿੰਘ ਨੂੰ ਲੱਗ ਗਿਆ ਤਾਂ ਉਹਨਾਂ ਨੇ ਸਿੱਖਾਂ ਨੂੰ ਨਾ ਆਉਂਣ ਲਈ ਬੇਨਤੀ ਕੀਤੀ । ਜਦੋਂ ਦੀਵਾਲੀ ਦਾ ਮੇਲਾ ਨਾ ਲੱਗਿਆ ਤਾਂ ਭਾਈ ਜੀ ਨੇ ਸਰਕਾਰ ਨੂੰ 5000/ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਭਾਈ ਜੀ ਨੂੰ ਫੜਕੇ ਸੂਬੇਦਾਰ ਜਕਰੀਆ ਖਾਂ ਨੇ 1738 ਈ. ਵਿੱਚ ਲਾਹੌਰ ਦੇ ਨਖ਼ਸ ਚੌਕ ਵਿੱਚ ਬੰਦ ਬੰਦ ਕੱਟ ਕੇ ਸ਼ਹੀਦ ਕਰ ਦਿੱਤਾ । ਉਹਨਾਂ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਹਰ ਸਾਲ 11,12,13, ਦਸੰਬਰ ਨੂੰ ਸ਼ਹੀਦੀ ਜੋੜ ਮੇਲਾ ਲੌਂਗੋਵਾਲ ਵਿਖੇ ਮਨਾਇਆ ਜਾਂਦਾ ਹੈ ਅਤੇ 4,5,6 ਫਰਵਰੀ ਨੂੰ ਜਨਮ ਦਹਿਾੜੇ ਦੇ ਰੂਪ ਵਿੱਚ ਜਨਮ ਸਥਾਨ ਗੁਰੂਦੁਆਰਾ ਕੈਂਬੋਵਾਲ ਵਿਖੇ ਮਨਾਇਆ ਜਾਂਦਾ ਹੈ । ਉਹਨਾਂ ਦੀ ਯਾਦ ਵਿੱਚ ਇਲਾਕੇ ਦੀਆਂ ਸੰਗਤਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਵਿਦਿਆਰਥੀਆਂ ਨੂੰ ਉੱਚ ਵਿੱਦਆਿਂ ਦੇਣ ਲਈ ਸ਼ੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ 2018 ਵਿੱਚ ਸ਼ਹੀਦ ਭਾਈ ਮਨੀ ਸਿੰਘ ਖਾਲਸਾ ਕਾਲਜ ਲੌਂਗੋਵਾਲ ਵਿਖੇ ਸਥਾਪਤ ਕੀਤਾ ਗਿਆ ।